ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਛਾਪੀ ਗਈ ਪੁਸਤਕ “Kalapani: Punjabis’ Role in Freedom Struggle” ਨੂੰ ਅੱਜ ਸੰਗਤ ਅਰਪਣ ਕੀਤਾ ਗਿਆ।
ਇਹ ਸਮਾਗਮ ਸ. ਹਰੀ ਸਿੰਘ ਨਲਵਾ ਆਡੀਟੋਰੀਅਮ, ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ-26, ਚੰਡੀਗੜ ਵਿਖੇ ਸੰਗਤ ਦੀ ਭਰਵੀਂ ਹਾਜ਼ਰੀ ਵਿੱਚ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ ਜਿਸ ਨੂੰ ਭਾਈ ਨੰਦ ਲਾਲ ਪਬਲਿਕ ਸਕੂਲ, ਸ੍ਰੀ ਅਨੰਦਪੁਰ ਸਾਹਿਬ ਦੇ ਵਿਦਿਆਰਥੀਆਂ ਵੱਲੋਂ ਗਾਇਨ ਕੀਤਾ ਗਿਆ।
ਸ. ਗੁਰਚਰਨ ਸਿੰਘ ਗਰੇਵਾਲ, ਜਨਰਲ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਏ ਹੋਏ ਮਹਿਮਾਨਾਂ, ਵਕਤਾਵਾਂ, ਅਤੇ ਸਰੋਤਿਆਂ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਕਿਹਾ ਕਿ ਸਿੱਖਾਂ ਵੱਲੋਂ ਪਾਈਆਂ ਗਈਆਂ ਕੁਰਬਾਨੀਆਂ ਨੂੰ ਕਦੇ ਵੀ ਇਤਿਹਾਸਕਾਰਾਂ ਵੱਲੋਂ ਬਣਦਾ ਸਨਮਾਨ ਨਹੀਂ ਦਿੱਤਾ ਗਿਆ। ਇਹ ਕਿਤਾਬ ਸਿੱਖਾਂ ਵੱਲੋਂ ਕਾਲਾ ਪਾਣੀ ਵਿਚ ਝੱਲੇ ਤਸੀਹਿਆਂ ਅਤੇ ਕੀਤੀ ਕੁਰਬਾਨੀ ਨੂੰ ਰੂਪਮਾਨ ਕਰਦੀ ਹੈ। ਉਨ੍ਹਾਂ ਕਿਤਾਬ ਦੇ ਲੇਖਕਾਂ ਨੂੰ ਮੁਬਾਰਕਬਾਦ ਦਿੰਦਿਆਂ ਇਸ ਕਾਰਜ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਕਿਤਾਬ ਨੂੰ ਪੰਜਾਬੀ ਵਿੱਚ ਵੀ ਲਿਖਣ ਲਈ ਬੇਨਤੀ ਕੀਤੀ।
ਗੁਰਦਰਸ਼ਨ ਸਿੰਘ ਬਾਹੀਆ ਨੇ ਕਿਤਾਬ ਦਾ ਮੁੱਢ ਬੱਝਣ ਦੀ ਵਾਰਤਾ ਉੱਤੇ ਝਾਤ ਪਵਾਈ ਅਤੇ ਕਿਤਾਬ ਵਿੱਚ ਪਾਏ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹਿਮ ਯੋਗਦਾਨ ਤੋਂ ਜਾਣੂ ਕਰਵਾਇਆ। ਉਨ੍ਹਾਂ ਇਸ ਸਮਾਗਮ ਦੇ ਪ੍ਰਬੰਧ ਲਈ ਕੋਆਰਡੀਨੇਟਰ ਸ. ਸੁਖਮਿੰਦਰ ਸਿੰਘ , ਸਕੱਤਰ ਵਿੱਦਿਆ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਕਿਤਾਬ ਦੇ ਲੇਖਕ ਸ. ਜਗਤਾਰ ਸਿੰਘ ਨੇ ਕਾਲਾ ਪਾਣੀ ਦੀ ਜੇਲ ਅਤੇ ਉਸ ਇਲਾਕੇ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿਣ ਸਮੇਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਜੀ ਨੇ ਆਪ ਫ਼ੋਨ ਕਰਕੇ ਇਸ ਵਿਸ਼ੇ ਉੱਤੇ ਕਿਤਾਬ ਲਿਖਣ ਲਈ ਕਿਹਾ ਜਿਸਦਾ ਖਰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਉੱਦਮ ਸਦਕਾ ਹੀ ਇਹ ਕਿਤਾਬ ਵਿਚਲੇ ਅਹਿਮ ਅਤੇ ਨਵੇਂ ਤੱਥ ਲੋਕਾਂ ਤੱਕ ਪਹੁੰਚੇ ਹਨ।
ਬੀਬੀ ਮਦਨਜੀਤ ਕੌਰ ਸਹੋਤਾ ਵੱਲੋਂ ਸ਼ਬਦਾਂ ਦੀ ਸਾਂਝ ਪਾਉਂਦਿਆਂ ਇਸ ਅਹਿਮ ਕਿਤਾਬ ਨੂੰ ਜੀ ਆਇਆ ਕਿਹਾ ਗਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਵੀ ਕੀਤਾ ਜਿਸ ਸਦਕਾ ਇਹ ਕਿਤਾਬ ਸੰਗਤ ਤੱਕ ਪਹੁੰਚ ਸਕੀ ਹੈ, ਉਨ੍ਹਾਂ ਹਾਜ਼ਰ ਸਰੋਤਿਆਂ ਨੂੰ ਬੇਨਤੀ ਕੀਤੀ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਵਿਰਸੇ ਅਤੇ ਇਤਿਹਾਸ ਨਾਲ ਜੋੜਿਆ ਜਾਵੇ।
ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਕਾਰਜ ਨੂੰ ਕਿਤਾਬ ਦਾ ਰੂਪ ਦੇਣ ਬਾਰੇ ਸਾਰੇ ਘਟਨਾਕ੍ਰਮ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਕਦੇ ਵੀ ਇਨਸਾਫ਼ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਮਹੌਲ ਵਿੱਚ ਇੰਨਾਂ ਸੱਚ ਲਿਖਣਾ ਹਿੰਮਤ ਭਰਿਆ ਕਾਰਜ ਹੈ ਜੋ ਕਿ ਇਸ ਕਿਤਾਬ ਦੇ ਲੇਖਕਾਂ ਨੇ ਕਰਕੇ ਦਿਖਾਇਆ ਹੈ।
ਪ੍ਰੋ. ਪਰਮਵੀਰ ਸਿੰਘ, ਪੰਜਾਬੀ ਯੂਨੀਵਰਸਿਟੀ ਨੇ ਕਾਲਾ ਪਾਣੀ ਦੇ ਅੱਖੀਂ ਡਿਠੇ ਹਾਲਾਤ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਉੱਥੇ ਜੇਲ ਕੱਟਣਾ ਸੱਭ ਤੋਂ ਵੱਧ ਤਸੀਹਿਆਂ ਭਰਿਆ ਸੀ। ਉਨ੍ਹਾਂ ਦੱਸਿਆ ਕਿ ਸੱਭ ਤੋਂ ਵੱਧ ਅਣਮਨੁੱਖੀ ਵਰਤੀਰਾ ਕਾਲਾ ਪਾਣੀ ਦੀ ਜੇਲ ਵਿੱਚ ਕੀਤਾ ਜਾਂਦਾ ਸੀ। ਪ੍ਰੋ. ਪਰਮਵੀਰ ਸਿੰਘ ਨੇ ਕਾਲਾ ਪਾਣੀ ਦੇ ਅਣਗੋਲੇ ਤੱਥਾਂ ਤੋਂ ਜਾਣੂ ਕਰਵਾਉਂਦਿਆਂ ਸੰਗਤਾਂ ਦੀ ਕਾਲਾ ਪਾਣੀ ਦੇ ਇਤਿਹਾਸ ਪ੍ਰਤੀ ਜਾਣਕਾਰੀ ਦੀ ਇੱਛਾ ਵਿੱਚ ਵਾਧਾ ਕੀਤਾ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਇਹ ਕਿਤਾਬ ਦਾ ਆਉਣਾ ਸੰਭਵ ਨਾ ਹੁੰਦਾ ਜੇਕਰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਇਸ ਲਈ ਪਹਿਲ-ਕਦਮੀ ਨਾ ਕਰਦੇ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਕਾਲਾ ਪਾਣੀ ਵਿੱਚ ਸਿੱਖਾਂ ਦੇ ਪਾਏ ਯੋਗਦਾਨ ਨੂੰ ਸਾਹਮਣੇ ਲਿਆਉਣ ਲਈ 1996-97 ਵਿੱਚ ਸੱਭ ਤੋਂ ਪਹਿਲਾਂ ਕਾਰਜ ਆਰੰਭ ਕੀਤੇ ਗਏ ਸਨ।ਉਨ੍ਹਾਂ ਆਪਣੇ ਪਾਰਲੀਮੈਂਟ ਦੇ ਸਮੇਂ ਦੌਰਾਨ ਕਾਲਾ ਪਾਣੀ ਵਿੱਚ ਸਿੱਖਾਂ ਦੀ ਕੁਰਬਾਨੀ ਵਿੱਚ ਪਾਏ ਯੋਗਦਾਨ ਤੋਂ ਵੀ ਜਾਣੂ ਕਰਵਾਇਆ। ਪ੍ਰੋ. ਚੰਦੂਮਾਜਰਾ ਨੇ ਭਾਰਤ ਸਰਕਾਰ ਨੂੰ ਮਿਲਣ ਲਈ ਵਫ਼ਦ ਦੀ ਵਾਗਡੋਰ ਸ. ਸੁਖਮਿੰਦਰ ਸਿੰਘ , ਸਕੱਤਰ ਵਿੱਦਿਆ ਨੂੰ ਸੌਂਪਣ ਦੀ ਗੱਲ ਕਹੀ ਤਾਂ ਜੋ ਅੱਜ ਦੇ ਪ੍ਰੋਗਰਾਮ ਦੀ ਤਰਾਂ ਹੀ ਅਗਲੇਰੇ ਪ੍ਰੋਗਰਾਮ ਸਫਲ ਤਰੀਕੇ ਨਾਲ ਨੇਪਰੇ ਚੜ ਸਕਣ।
ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਐਡਵੋਕੇਟ ਸ. ਹਰਜਿੰਦਰ ਸਿੰਘ ਜੀ ਧਾਮੀ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਕਾਰਜ ਦੀ ਜਿੱਥੇ ਸ਼ਲਾਘਾ ਕੀਤੀ ਉੱਥੇ ਹੀ ਇਸ ਕਿਤਾਬ ਨੂੰ ਪੰਜਾਬੀ ਬੋਲੀ ਵਿੱਚ ਵੀ ਛਾਪਣ ਲਈ ਆਖਿਆ। ਪ੍ਰਧਾਨ ਸਾਹਿਬ ਨੇ ਇਕ ਵਫ਼ਦ ਜ਼ਰੀਏ ਜਲਦ ਭਾਰਤ ਸਰਕਾਰ ਤੱਕ ਪਹੁੰਚ ਕਰਨ ਦੀ ਗੱਲ ਕਹੀ ਤਾਂ ਜੋ ਸਿੱਖਾਂ ਦੀ ਕੁਰਬਾਨੀ ਨੂੰ ਸਹੀ ਆਂਕੜਿਆਂ ਤਹਿਤ ਇਤਿਹਾਸ ਵਿੱਚ ਸਨਮਾਨਯੋਗ ਸਥਾਨ ਦਵਾਇਆ ਜਾ ਸਕੇ।
ਸਮਾਗਮ ਵਿੱਚ ਪਹੁੰਚੀਆਂ ਸ਼ਖਸੀਅਤਾਂ ਅਤੇ ਸਰੋਤਿਆਂ ਦਾ ਧੰਨਵਾਦ ਸ. ਅਵਤਾਰ ਸਿੰਘ ਰਿਆ, ਜੂਨੀਅਰ ਮੀਤ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਤੁਗਲਵਾਲ, ਸ. ਬਾਵਾ ਸਿੰਘ ਗੁਮਾਨਪੁਰਾ, ਮੈਂਬਰ ਸ. ਸਤਵਿੰਦਰ ਸਿੰਘ ਟੌਹੜਾ, ਸ. ਚਰਨਜੀਤ ਸਿੰਘ ਕਾਲੇਵਾਲ, ਬੀਬੀ ਕੁਲਦੀਪ ਸਿੰਘ ਟੌਹੜਾ, ਸਿੱਖ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸ. ਗੁਰਦੇਵ ਸਿੰਘ ਬਰਾੜ, ਜਨਰਲ ਸਕੱਤਰ ਕਰਨਲ ਜਸਮੇਰ ਸਿੰਘ ਬਾਲਾ, ਸਾਬਕਾ ਮੰਤਰੀ ਸ. ਤ੍ਰਿਪਤਰਜਿੰਦਰ ਸਿੰਘ ਬਾਜਵਾ, ਬੀਬੀ ਗੁਰਦਰਸ਼ਨ ਕੌਰ, ਡਾ. ਪ੍ਰਿਤਪਾਲ ਸਿੰਘ ਵੀਸੀ, ਵਧੀਕ ਸਕੱਤਰ ਸ. ਸਿਮਰਜੀਤ ਸਿੰਘ ਕੰਗ, ਮੀਤ ਸਕੱਤਰ ਸ. ਲਖਵੀਰ ਸਿੰਘ, ਮੈਨੇਜਰ ਸ. ਗੁਰਦੀਪ ਸਿੰਘ ਕੰਗ, ਵਧੀਕ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਸ. ਤਲਵਿੰਦਰ ਸਿੰਘ ਬੁੱਟਰ, ਡਾ ਕੁਲਦੀਪ ਸਿੰਘ ਬੱਲ, ਸਲਾਹਾਕਾਰ, ਡਾ. ਕਸ਼ਮੀਰ ਸਿੰਘ, ਡਾ. ਜਤਿੰਦਰ ਕੌਰ, ਡਾ. ਲਖਬੀਰ ਸਿੰਘ, ਡਾ. ਰਮਨਦੀਪ ਕੌਰ, ਡਾ. ਕਰਮਬੀਰ ਸਿੰਘ, ਡਾ. ਹਰਪ੍ਰੀਤ ਕੌਰ, ਡਾ. ਗੁਰਤੇਜ ਸਿੰਘ, ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਜਿੰਮੇਵਾਰੀ ਪ੍ਰਿੰਸੀਪਲ ਰਜਿੰਦਰ ਕੌਰ ਵੱਲੋਂ ਸੁਚੱਜੇ ਢੰਗ ਨਾਲ ਨਿਭਾਈ ਗਈ। ਇਸ ਮੌਕੇ ਪ੍ਰਧਾਨ ਸ਼੍ਰੋਮਣੀ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਲੇਖਕਾਂ, ਬੁਲਾਰਿਆਂ, ਮਹਿਮਾਨਾਂ ਅਤੇ ਕਾਲਜ ਪ੍ਰਬੰਧਕਾਂ ਨੂੰ ਦਰਬਾਰ ਸਾਹਿਬ ਦੇ ਮਾਡਲ ਅਤੇ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਦੇ ਕੋਆਰਡੀਨੇਟਰ ਸਕੱਤਰ ਵਿੱਦਿਆ, ਸ. ਸੁਖਮਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਉਲੀਕੀ ਗਈ ਰੂਪ ਰੇਖਾ ਮੁਤਾਬਕ ਇਹ ਸਮਾਗਮ ਸੁਚੱਜੇ ਢੰਗ ਨਾਲ ਨੇਪਰੇ ਚੜਿਆ।
#SGPC #DESGPC